“ਕੈਪਟਨ ਅਮਰਿੰਦਰ ਸਿੰਘ ਦੇ ਵੱਖ-ਵੱਖ ਖੁਰਲੀਆਂ ‘ਚ ਮੂੰਹ ਮਾਰਨ ਵਾਲੇ ਅਮਲ ਚਿੰਤਾਜਨਕ”- ਸਿਮਰਨਜੀਤ ਸਿੰਘ ਮਾਨ

466

ਮਹਾਰਾਜਾ ਪਟਿਆਲਾ ਖਾਨਦਾਨ ਦਾ ਸਿੱਖ ਕੌਮ ਨਾਲ ਗਹਿਰਾ ਸੰਬੰਧ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖ-ਵੱਖ ਖੁਰਲੀਆਂ ਵਿੱਚ ਮੂੰਹ ਮਾਰਨ ਦੇ ਅਮਲ ਅਤਿ ਚਿੰਤਾ ਵਾਲੇ : ਮਾਨ

ਫ਼ਤਹਿਗੜ੍ਹ ਸਾਹਿਬ 17 ਸਤੰਬਰ – ਪਟਿਆਲਾ ਦੇ ਮਹਾਰਾਜ ਖਾਨਦਾਨ ਦਾ ਬਹੁਤ ਵੱਡਾ ਰੁਤਬਾ ਰਿਹਾ ਹੈ ਜੋ ਅੱਜ ਵੀ ਸਤਿਕਾਰ ਕਾਇਮ ਹੈ | ਇਸ ਪਰਿਵਾਰ ਦਾ ਸਿੱਖ ਕੌਮ ਨਾਲ ਗਹਿਰਾ ਸੰਬੰਧ ਰਿਹਾ ਹੈ, ਇਸੇ ਲਈ ਸਿੱਖ ਕੌਮ ਵਿੱਚ ਇਹਨਾਂ ਦੀ ਵੱਡੀ ਜਿੱਤ ਹੈ | ਦੂਸਰਾ ਮਹਾਰਾਜੇ ਦੀ ਸਿਆਸੀ ਅਤੇ ਸਮਾਜਿਕ ਤਾਕਤ ਵੀ ਵੱਡੀ ਹੁੰਦੀ ਹੈ | ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਰ-ਵਾਰ ਪਾਰਟੀਆਂ ਬਦਲਣਾ ਜਿਵੇਂ ਕਾਂਗਰਸ, ਬਰਨਾਲਾ ਅਕਾਲੀ ਦਲ ਫਿਰ ਆਪਣੀ ਵੱਖਰੀ ਪਾਰਟੀ ਬਣਾਉਣਾ ਅਤੇ ਹੁਣ ਘੱਟ ਗਿਣਤੀ ਅਤੇ ਸਿੱਖ ਕੌਮ ਵਿਰੋਧੀ ਫਿਰਕੂ ਬੀ.ਜੇ.ਪੀ ਪਾਰਟੀ ਦੇ ਕੈੰਪ ਵਿੱਚ ਜਾਨ ਦੀ ਤਿਆਰੀ ਕਰਨਾ ਤਾਂ ਮਹਾਰਾਜਾ ਖਾਨਦਾਨ ਦੇ ਉੱਚ ਰੁਤਬੇ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਣ ਵਾਲੀਆਂ ਦੁੱਖਦਾਇਕ ਕਾਰਵਾਈਆਂ ਹਨ । ਜਿਸ ਨਾਲ ਇਸ ਖਾਨਦਾਨ ਦੇ ਸਿੱਖ ਕੌਮ ਨਾਲ ਸੰਬੰਧਾਂ ਉਤੇ ਵੀ ਵੱਡਾ ਪ੍ਰਸ਼ਨ ਚੀਨ ਲੱਗਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਦੋਕਿ ਇਸ ਖਾਨਦਾਨ ਨੂੰ ਗੁਰੂ ਸਾਹਿਬਾਨ ਨੇ ਵੀ ਵੱਡਾ ਬੱਲ ਦਿੱਤਾ ਹੈ | ਫਿਰ ਬੀ.ਜੇ.ਪੀ ਵਰਗੀ ਉਹ ਪਾਰਟੀ ਜਿਸਦਾ ਨਾਮ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕਾਂ ਨੂੰ ਕੁੱਚਲਣ, ਘੱਟ ਗਿਣਤੀ ਕੌਮਾਂ ਉਤੇ ਜਬਰ ਜ਼ੁਲਮ ਢਾਉਂਣ, ਕੱਟੜਵਾਦੀ ਹਿੰਦੁਰਾਸ਼ਟਰ ਬਣਾਉਣ ਦੀ ਸੋਚ ਨਾਲ ਜੁੜਿਆ ਹੋਇਆ ਹੈ, ਉਸ ਪਾਰਟੀ ਨਾਲ ਸ਼ਾਮਿਲ ਹੋਣ ਦੀਆਂ ਖਬਰਾਂ ਇਹਨਾਂ ਦੇ ਉੱਚ ਰੁਤਬੇ ਅਤੇ ਸਤਿਕਾਰ ਨੂੰ ਡੂੰਗੀ ਸੱਟ ਮਾਰਨ ਵਾਲੀਆਂ ਹਨ ਨਾ ਕਿ ਸਤਿਕਾਰ ਨੂੰ ਵਧਾਉਣ ਵਾਲੀਆਂ |

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਸੰਬੰਧੀ ਮੁਤੱਸਵੀ ਪਾਰਟੀ ਬੀ.ਜੇ.ਪੀ ਵਿੱਚ ਸ਼ਾਮਿਲ ਹੋਣ ਦੀਆ ਪ੍ਰਕਾਸ਼ਿਤ ਹੋਇਆ ਖਬਰਾਂ ਉਤੇ ਇਸ ਕਾਰਵਾਈ ਨੂੰ ਵੱਖ-ਵੱਖ ਖੁਰਲੀਆਂ ਵਿੱਚ ਮੂੰਹ ਮਾਰਨ ਦੀ ਕਾਰਵਾਈ ਕਰਾਰ ਦਿੰਦੇ ਹੋਏ ਅਤੇ ਇਸ ਸੋਚ ਉਤੇ ਡੂੰਗਾ ਦੁੱਖ ਜਾਹਿਰ ਕਰਦੇ ਹੋਏ ਪ੍ਰਗਟ ਕੀਤੇ | ਓਹਨਾ ਕਿਹਾ ਕਿ ਪਹਿਲੇ ਵੀ ਬੀ.ਜੇ.ਪੀ ਪਾਰਟੀ ਨੇ ਇਹਨਾਂ ਨੂੰ ਮੀਤ ਪ੍ਰਧਾਨ ਬਣਾਉਣ ਦੀ ਗੱਲ ਆਖੀ ਸੀ, ਪਰ ਉਹ ਤਾ ਬਣਾਏ ਨਹੀਂ ਗਏ ਫਿਰ ਜੇਕਰ ਇਹਨਾਂ ਦੇ ਕਰਨ ਦੇ ਸਮਰੱਥ ਕੋਈ ਕੰਮ ਹੈ ਤਾਂ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਜੇਲ੍ਹ ਵਿੱਚ ਬੰਦੀ ਸਿੱਖਾਂ ਨੂੰ ਰਿਹਾਅ ਕਰਾਉਣ, ਬੀਤੇ 11 ਸਾਲਾਂ ਤੋਂ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ.ਦੀਆਂ ਜੋ ਚੋਣਾਂ ਰੋਕ ਕੇ ਜਮੂਹਰੀਅਤ ਦਾ ਘਾਣ ਕੀਤਾ ਹੋਇਆ ਹੈ ਉਸਨੂੰ ਬਹਾਲ ਕਰਾਉਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਬਣਦੀਆਂ ਸਜਾਵਾਂ ਦਵਾਉਣ ਅਤੇ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਖੁਲਵਾਕੇ ਕੌਮਾਂਤਰੀ ਵਪਾਰ ਨੂੰ ਉਤਸ਼ਾਹਿਤ ਕਰਦੇ ਹੋਏ ਪੰਜਾਬ ਅਤੇ ਪੰਜਾਬੀਆਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਣ, ਅਜਿਹਾ ਕਰਨ ਨਾਲ ਹੀ ਮਹਾਰਾਜ ਖਾਨਦਾਨ ਦੀ ਇੱਜ਼ਤ ਬਰਕਰਾਰ ਰਹਿ ਸਕੇਗੀ ਅਤੇ ਸਿੱਖ ਕੌਮ ਨਾਲ ਸੰਬੰਧ ਸੁਖਾਵੇ ਰਹਿ ਸਕਣਗੇ।