ਮੂਸੇਵਾਲਾ ਕੇਸ ‘ਚ ਕੇਕੜੇ ਦਾ ਭਰਾ ਵੀ ਗ੍ਰਿਫ਼ਤਾਰ-ਲਾਰੈਂਸ ਨਾਲ ਕੱਟੀ ਸੀ ਜੇਲ੍ਹ ,ਪੁਲਿਸ ਨੇ ਦੇਖੋ ਕਿੱਥੋਂ ਚੁੱਕਿਆ ? #SidhuMoosewala #MoosewalaCase #SandeepKekra #Brother #Arrest #LawrenceBishnoi #PunajbPolice
ਪੰਜਾਬ ਪੁਲਿਸ ਵੱਲੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਫੜੇ ਗਏ ਆਖਰੀ ਸ਼ੂਟਰ ਅਤੇ ਉਸ ਦੇ ਦੋ ਸਾਥੀਆਂ ਨੂੰ ਮਾਨਸਾ ਦੀ ਅਦਾਲਤ ਨੇ ਐਤਵਾਰ ਨੂੰ 17 ਸਤੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।ਪੁਲਿਸ ਵੱਲੋਂ ਸ਼ੂਟਰ ਦੀਪਕ ਮੁੰਡੀ, ਉਸ ਦੇ ਸਾਥੀ ਕਪਿਲ ਪੰਡਿਤ ਅਤੇ ਰਜਿੰਦਰ ਨੂੰ ਪੱਛਮੀ ਬੰਗਾਲ-ਨੇਪਾਲ ਸਰਹੱਦ ਤੋਂ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਪੰਜਾਬ ਪੁਲਿਸ ਦੇ ਡੀਜੀਪੀ ਗੋਰਵ ਯਾਦਵ ਨੇ ਐਤਵਾਰ ਨੂੰ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਹ ਮੁਲਜ਼ਮ ਵਿਦੇਸ਼ ਭੱਜਣ ਦੀ ਤਾਕ ਵਿੱਚ ਸਨ।ਡੀਜੀਪੀ ਗੋਰਵ ਯਾਦਵ ਨੇ ਕਿਹਾ ਕਿ ਰਜਿੰਦਰ ਪਹਿਲਾਂ ਤੋਂ ਨੇਪਾਲ ਵਿੱਚ ਸੀ ਅਤੇ ਉਹ ਗੋਲਡੀ ਬਰਾੜ ਦੇ ਸਪੰਰਕ ਵਿੱਚ ਸੀ।
ਡੀਜੀਪੀ ਨੇ ਕਿਹਾ, “ਮੁੰਡੀ ਅਤੇ ਕਪਿਲ ਇਕੱਠੇ ਰਹੇ ਹਨ। ਉਹ ਆਪਣਾ ਠਿਕਾਣਾ ਬਦਲਦੇ ਰਹੇ ਹਨ ਜਿਸ ਤਹਿਤ ਹਰਿਆਣਾ, ਰਾਜਸਥਾਨ ਅਤੇ ਯੂਪੀ ਤੋਂ ਹੁੰਦੇ ਹੋਏ ਉਹ ਪੱਛਮੀ ਬੰਗਾਲ ਪਹੁੰਚੇ।””ਨੇਪਾਲ ਰਾਹੀਂ ਇਨ੍ਹਾਂ ਨੂੰ ਸ਼ਿਫਟ ਕਰਨ ਦੀ ਯੋਜਨਾ ਸੀ। ਇਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਦੁਬਈ ਵਿੱਚ ਨਕਲੀ ਪਾਸਪੋਰਟ ਨਾਲ ਸੈਟਲ ਕਰਵਾ ਦਿੱਤਾ ਜਾਵੇਗਾ।””ਇਨ੍ਹਾਂ ਨੇ ਨੇਪਾਲ ਤੋਂ ਭੁਟਾਨ ਰਾਹੀਂ ਮਿਆਂਮਾਰ ਅਤੇ ਉਸ ਤੋਂ ਬਾਅਦ ਥਾਈਲੈਂਡ ਜਾਣਾ ਸੀ। ਇਸ ਤੋਂ ਇਲਾਵਾ ਜੇ ਨੇਪਾਲ ਵਿੱਚ ਜਾਅਲੀ ਪਾਸਪੋਰਟ ਮਿਲ ਜਾਂਦੇ ਤਾਂ ਕਾਠਮਾਂਡੂ ਤੋਂ ਫਲਾਈਟ ਲੈ ਕੇ ਬੈਂਕਾਕ ਅਤੇ ਫਿਰ ਦੁਬਈ ਦੀ ਯੋਜਨਾ ਸੀ।”
ਡੀਜੀਪੀ ਨੇ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਕਤਲ ਕੇਸ ਬਹੁਤ ਵੀ ਵਿਗਿਆਨਿਕ ਤਰੀਕੇ ਨਾਲ ਹੱਲ ਕੀਤਾ ਗਿਆ ਹੈ।”ਤਿੰਨ ਮੁਲਜ਼ਮ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਏ ਗਏ ਸੀ। ਇਹ ਕੇਸ ਕਤਲ ਤੋਂ ਅਗਲੇ ਦਿਨ ਮਿਲੀ ਸਲਿਪ ਰਾਹੀਂ ਟਰੇਸ ਕੀਤਾ ਗਿਆ ਸੀ।”ਇਹ ਸਲਿਪ ਹਰਿਆਣਾ ਦੇ ਫਤਿਹਾਬਾਦ ਤੋਂ ਟਰੇਸ ਹੋਈ ਸੀ। ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਸਟੱਡੀ ਕੀਤੀ ਗਈ ਸੀ। ਪੁਲਿਸ ਨੇ ਰੂਟ ਲੱਭੇ ਅਤੇ ਕਾਮਯਾਬੀ ਹਾਸਲ ਕੀਤੀ।”ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜੋ ਲੋਕ ਬਾਹਰ ਬੈਠੇ ਹਨ ਉਨ੍ਹਾਂ ਨੂੰ ਦੇਸ਼ ਵਿੱਚ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ ਹੈ, ਇਸ ਵਿੱਚ ਗੋਲਡੀ ਬਰਾੜ ਵੀ ਸ਼ਾਮਿਲ ਹੈ।
ਡੀਜੀਪੀ ਗੋਰਵ ਯਾਦਵ ਨੇ ਕਿਹਾ ਕਿ ਕਪਿਲ ਪੰਡਿਤ ਦੀ ਸ਼ੁਰੂਆਤੀ ਪੁੱਛਗਿੱਛ ਤੋਂ ਇਹ ਸਾਹਮਣੇ ਆਇਆ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਨੇ ਪਹੁੰਚ ਕੀਤੀ ਸੀ।”ਇਹ ਸੰਪਰਕ ਸੰਪਤ ਨੇਹਰਾ ਅਤੇ ਗੋਲਡੀ ਬਰਾੜ ਰਾਹੀਂ ਸਲਮਾਨ ਖ਼ਾਨ ਨੂੰ ਨਿਸ਼ਾਨਾ ਬਣਾਉਣ ਲਈ ਹੋਇਆ ਸੀ।””ਇਸ ਲਈ ਸਚਿਨ ਬਿਸ਼ਨੋਈ ਅਤੇ ਸੰਤੋਸ਼ ਯਾਦਵ ਨੇ ਵੀ ਵੱਡੇ ਪੱਧਰ ਉੱਪਰ ਰੇਕੀ ਕੀਤੀ ਸੀ। ਜਿਸ ਲਈ ਇਨ੍ਹਾਂ ਨੇ ਮੁੰਬਈ ਵਿੱਚ ਕਾਫ਼ੀ ਸਮਾਂ ਬਤੀਤ ਕੀਤਾ ਸੀ। ਅਸੀਂ ਇਨ੍ਹਾਂ ਸਾਰੀਆਂ ਗੱਲਾਂ ਦੀ ਜਾਂਚ ਕਰਾਂਗੇ।”
29 ਮਈ, 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਆਪਣੇ ਪਿੰਡ ਮੂਸਾ ਤੋਂ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਨੇੜੇ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ।
ਥਾਰ ਗੱਡੀ ਵਿੱਚ ਉਨ੍ਹਾਂ ਨਾਲ ਬੈਠੇ ਦੋ ਸਾਥੀਆਂ ਨੂੰ ਡੂੰਘੀਆਂ ਸੱਟਾਂ ਲੱਗੀਆਂ ਸਨ ਅਤੇ ਇਹ ਦੋਵੇਂ ਹਾਲੇ ਵੀ ਸਿਹਤਯਾਬੀ ਵੱਲ ਹਨ।ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਸੈਂਕੜੇ ਹਾਈ ਪ੍ਰੋਫ਼ਾਈਲ ਲੋਕਾਂ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਜਾਂ ਤਾਂ ਹਟਾ ਲਈ ਸੀ ਜਾਂ ਘਟਾ ਦਿੱਤੀ ਸੀ ਅਤੇ ਇਨ੍ਹਾਂ ਵਿੱਚੋਂ ਮੂਸੇਵਾਲਾ ਵੀ ਇੱਕ ਸਨ।ਇਸ ਕਤਲ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਨਵੀਂ ਬਣੀ ਭਗਵੰਤ ਮਾਨ ਸਰਕਾਰ ਉੱਤੇ ਕਈ ਸਵਾਲ ਖੜ੍ਹੇ ਹੋਏ ਅਤੇ ਵੱਡੀ ਗਿਣਤੀ ਵਿੱਚ ਲੋਕ ਸੜਕਾਂ ਉੱਤੇ ਆ ਗਏ ਸਨ।ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿੱਚ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਣ ਲੱਗੇ। ਉਨ੍ਹਾਂ ਦੀ ਅੰਤਮ ਯਾਤਰਾ ਅਤੇ ਸਸਕਾਰ ਵੇਲੇ ਵੀ ਲੋਕਾਂ ਦਾ ਵੱਡਾ ਹਜੂਮ ਦੇਖਣ ਨੂੰ ਮਿਲਿਆ।
ਸਿੱਧੂ ਮੂਸੇਵਾਲਾ ਦੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਕੁਝ ਹੀ ਘੰਟਿਆਂ ਬਾਅਦ, ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ।ਸੋਸ਼ਲ ਮੀਡੀਆ ‘ਤੇ ਇੱਕ ਫੇਸਬੁੱਕ ਪੋਸਟ ਵਿੱਚ ਗੋਲਡੀ ਬਰਾੜ ਵੱਲੋਂ ਕਤਲ ਦੀ ਕਥਿਤ ਜ਼ਿੰਮੇਵਾਰੀ ਲੈਣ ਦਾ ਦਾਅਵਾ ਵੀ ਕੀਤਾ ਗਿਆ ਹੈ।ਜੂਨ ਦੇ ਪਹਿਲੇ ਹਫ਼ਤੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਘੱਟੋ-ਘੱਟ ਅੱਠ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰਨ ਦਾ ਪੰਜਾਬ ਪੁਲਿਸ ਨੇ ਦਾਅਵਾ ਕੀਤਾ। ਇਸ ਦੇ ਨਾਲ ਹੀ ਪੁਲਿਸ ਨੇ ਚਾਰ ਸ਼ੂਟਰਾਂ ਦੀ ਪਛਾਣ ਕਰਨ ਦਾ ਵੀ ਦਾਅਵਾ ਕੀਤਾ।ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਪ੍ਰਮੋਦ ਬਾਨ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ।
24 ਜੂਨ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਨੇ ਸਿੱਧੂ ਮੂਸੇਵਾਲਾ ਕੇਸ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਪੂਰੇ ਕੇਸ ਵਿੱਚ ਆਪਣੀ ਜਾਂਚ ਬਾਰੇ ਦੱਸਿਆ।ਪ੍ਰਮੋਦ ਬਾਨ ਨੇ ਦੱਸਿਆ ਕਿ ਕਤਲ ਤੋਂ ਚਾਰ ਦਿਨ ਪਹਿਲਾਂ 25 ਮਈ ਨੂੰ ਹੀ ਬੋਲੈਰੋ ਗੱਡੀ ਮਾਨਸਾ ਅਤੇ ਮੂਸੇਵਾਲਾ ਪਿੰਡ ਦੇ ਨੇੜੇ-ਤੇੜੇ ਘੁੰਮਦੀ ਰਹੀ ਸੀ।ਉਨ੍ਹਾਂ ਦੱਸਿਆ ਕਿ ਇਸ ਕਤਲ ਨੂੰ ਲੈ ਕੇ ਪਿਛਲੇ ਸਾਲ ਅਗਸਤ ਵਿੱਚ ਹੀ ਕੰਮ ਸ਼ੁਰੂ ਹੋ ਗਿਆ ਸੀ ਅਤੇ ਘੱਟੋ-ਘੱਟੋ ਤਿੰਨ ਵਾਰ ਰੈਕੀ ਵੀ ਕੀਤੀ ਗਈ।ਪ੍ਰਮੋਦ ਬਾਨ ਨੇ ਇਹ ਵੀ ਦਾਅਵਾ ਕੀਤਾ ਕਿ 29 ਮਈ ਨੂੰ ਕਤਲ ਹੋਣ ਤੋਂ ਬਾਅਦ 30 ਮਈ ਦੀ ਸਵੇਰ ਉਨ੍ਹਾਂ ਪਹਿਲੀ ਗ੍ਰਿਫ਼ਤਾਰੀ ਮੰਨਾ ਭਾਊ ਦੀ ਕਰ ਲਈ ਸੀ।ਉਨ੍ਹਾਂ ਦੱਸਿਆ ਕਿ ਸੰਦੀਪ ਕੇਕੜਾ ਅਤੇ ਬਲਦੇਵ ਨੀਟੂ ਨੇ ਸਿੱਧੂ ਮੂਸੇਵਾਲਾ ਨਾਲ ਸੈਲਫ਼ੀ ਲਈ, ਇਹ ਜਾਣਕਾਰੀ ਇਨ੍ਹਾਂ ਗੋਲਡੀ ਬਰਾੜ ਅਤੇ ਸਚਿਨ ਬਿਸ਼ਨੋਈ ਤੱਕ ਪਹੁੰਚਾਈ।ਕੇਕੜਾ ਤੇ ਨੀਟੂ ਨੇ ਵੀਡੀਓ ਕਾਲਾਂ ਵੀ ਕੀਤੀਆਂ ਅਤੇ ਸਾਬਤ ਕੀਤਾ ਕਿ ਗੱਡੀ ਵਿੱਚ ਕੌਣ-ਕੌਣ ਹੈ।
ਇਨ੍ਹਾਂ ਨੇ ਗੱਡੀ ਬਾਰੇ ਅਤੇ ਉਸ ਵਿੱਚ ਬੈਠੇ ਬੰਦਿਆਂ ਦੀ ਗਿਣਤੀ ਬਾਰੇ ਜਾਣਕਾਰੀ ਅੱਗੇ ਪਹੁੰਚਾਈ ਅਤੇ ਗੱਡੀ ਦਾ ਪਿੱਛਾ ਵੀ ਕੀਤਾ।ਇਹ ਦੋਵੇਂ ਮੋਟਰਸਾਈਕਲ ਉੱਤੇ ਸਨ ਅਤੇ ਚੌਂਕ ਨੇੜੇ ਬੋਲੈਰੋ ਅਤੇ ਕਰੋਲਾ ਗੱਡੀਆਂ ਨੂੰ ਇਸ਼ਾਰਾ ਕੀਤਾ ਅਤੇ ਥਾਰ ਗੱਡੀ ਮਗਰ ਲੱਗ ਗਏ।ਪ੍ਰਮੋਦ ਬਾਨ ਦੇ ਦਾਅਵੇ ਮੁਤਾਬਕ ਹੁਣ ਤੱਕ ਇਸ ਕੇਸ ਦੀ ਤਫ਼ਤੀਸ਼ ਵਿੱਚ ਉਹ 13 ਬੰਦੇ ਗ੍ਰਿਫ਼ਤਾਰ ਕਰ ਚੁੱਕੇ ਹਨ।ਲਾਰੈਂਸ ਬਿਸ਼ਨੋਈ ਬਾਰੇ ਗੱਲ ਕਰਦਿਆਂ ਬਾਨ ਨੇ ਕਿਹਾ ਕਿ ਇਸ ਸਾਰੇ ਕੇਸ ਵਿੱਚ ਲਾਰੈਂਸ ਨੇ ਸਾਰੀ ਪਲਾਨਿੰਗ ਕੀਤੀ ਅਤੇ ਇਸ ਬਾਰੇ ਕਬੂਲਿਆ ਵੀ ਹੈ।ਉਨ੍ਹਾਂ ਮੁਤਾਬਕ ਜਨਵਰੀ 2022 ਵਿੱਚ ਵੀ ਕਤਲ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਹੀਂ ਹੋ ਸਕੇ।ਇਸ ਮਾਮਲੇ ਵਿੱਚ ਪੰਜਾਬ ਪੁਲਿਸ, ਦਿੱਲੀ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਆਪੋ ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਹੈ।