ਭਾਰਤੀ ਰਿਜ਼ਰਵ ਬੈਂਕ (RBI) ਨੇ ਸੋਮਵਾਰ ਨੂੰ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੈਪੀਟਲ ਦੇ ਬੋਰਡ ਨੂੰ ਭੰਗ ਕਰ ਦਿੱਤਾ। ਇਸ ਦੇ ਨਾਲ ਹੀ ਆਰਬੀਆਈ ਨੇ ਰੈਜ਼ੋਲਿਊਸ਼ਨ ਪ੍ਰਕਿਰਿਆ ਸ਼ੁਰੂ ਕਰਨ ਲਈ NCLT ਨਾਲ ਸੰਪਰਕ ਕਰਨ ਦਾ ਵੀ ਫੈਸਲਾ ਕੀਤਾ ਹੈ। ਰਿਲਾਇੰਸ ਕੈਪੀਟਲ ਵਲੋਂ ਕਈ ਮੌਕਿਆਂ ‘ਤੇ ਕਰਜ਼ਦਾਰਾਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਅਦਾ ਕਰਨ ‘ਚ ਡਿਫਾਲਟ ਹੋਣ ਤੋਂ ਬਾਅਦ ਰਿਜ਼ਰਵ ਬੈਂਕ ਨੇ ਇਹ ਫ਼ੈਸਲਾ ਲਿਆ ਹੈ।
ਕੇਂਦਰੀ ਬੈਂਕ ਨੇ ਇੱਕ ਬਿਆਨ ਵਿਚ ਕਿਹਾ ਕਿ ਉਸ ਨੇ ਰਿਲਾਇੰਸ ਕੈਪੀਟਲ ਵਿਚ ਕਾਰਪੋਰੇਟ ਗਵਰਨੈਂਸ ਵਿਚ ਵੀ ਕਮੀਆਂ ਦੇਖੀਆਂ ਹਨ। ਆਰਬੀਆਈ ਨੇ ਕਿਹਾ ਕਿ ਉਸ ਨੇ ਕੰਪਨੀ ਦੇ ਬੋਰਡ ਨੂੰ ਹਟਾ ਦਿਤਾ ਹੈ ਅਤੇ ਇਸ ਦੀਆਂ ਸਾਰੀਆਂ ਸ਼ਕਤੀਆਂ ਆਪਣੇ ਹੱਥਾਂ ਵਿਚ ਲੈ ਲਈਆਂ ਹਨ।
ਇਸ ਦੇ ਨਾਲ ਹੀ ਆਰਬੀਆਈ ਨੇ ਬੈਂਕ ਆਫ ਮਹਾਰਾਸ਼ਟਰ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਨਾਗੇਸ਼ਵਰ ਰਾਓ ਵਾਈ ਨੂੰ ਰਿਲਾਇੰਸ ਕੈਪੀਟਲ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਉਹ ਰੈਜ਼ੋਲੂਸ਼ਨ ਪ੍ਰਕਿਰਿਆ ਸ਼ੁਰੂ ਕਰਨ ਅਤੇ ਪ੍ਰਸ਼ਾਸਕ ਦੀ ਨਿਯੁਕਤੀ ਲਈ NCLT ਦੀ ਮੁੰਬਈ ਬੈਂਚ ਕੋਲ ਪਹੁੰਚ ਕਰਨ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਆਰਬੀਆਈ ਦੀ ਇਸ ਕਾਰਵਾਈ ਤੋਂ ਬਾਅਦ ਰਿਲਾਇੰਸ ਕੈਪੀਟਲ ਦੇ ਸਟਾਕ ਵਿੱਚ ਲੋਅਰ ਸਰਕਟ ਹੋਇਆ। NSE ‘ਤੇ ਕੰਪਨੀ ਦਾ ਸਟਾਕ 19.05 ਰੁਪਏ ‘ਤੇ ਬੰਦ ਹੋਇਆ। ਇਹ ਕਦਮ ਚੁੱਕਣ ਦੇ ਨਾਲ-ਨਾਲ ਆਰਬੀਆਈ ਨੇ ਇਹ ਵੀ ਕਿਹਾ ਕਿ ਕੰਪਨੀ ਦਾ ਬੋਰਡ ਉਸ ਤੋਂ ਪਹਿਲਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਿਆ।
ਅਨਿਲ ਅੰਬਾਨੀ ਦੀ ਗ਼ੈਰ-ਬੈਂਕਿੰਗ ਕੰਪਨੀ ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ (ਐੱਚ.ਡੀ.ਐੱਫ.ਸੀ.) ਅਤੇ ਐਕਸਿਸ ਬੈਂਕ ਤੋਂ ਲਏ ਗਏ 624 ਕਰੋੜ ਰੁਪਏ ਦੇ ਕਰਜ਼ਿਆਂ ‘ਤੇ ਵਿਆਜ ਦਾ ਭੁਗਤਾਨ ਕਰਨ ‘ਚ ਡਿਫਾਲਟ ਹੋ ਗਈ ਸੀ। ਕੰਪਨੀ ਨੇ ਦੋ ਦਿਨ ਪਹਿਲਾਂ ਇਸ ਦੀ ਜਾਣਕਾਰੀ ਸਟਾਕ ਐਕਸਚੇਂਜ ਨੂੰ ਦਿਤੀ ਸੀ।