ਪੰਜਾਬ ਦੀ ਧੀ ਹਸਲੀਨ ਕੌਰ ਦੀ ਲੈਸਟਰ ਬੀ ਪੀਅਰਸਨ ਇੰਟਰਨੈਸ਼ਨਲ ਸਟੂਡੈਂਟ ਐਵਾਰਡ ਲਈ ਹੋਈ ਚੋਣ

493

ਛੋਟੇ ਜਿਹੇ ਪਿੰਡ ਜੰਗਪੁਰ ਦੇ ਇੱਕ ਸਾਧਾਰਣ ਕਿਸਾਨ ਸੁਖਦੇਵ ਸਿੰਘ ਅਤੇ ਮਨਜੀਤ ਕੌਰ ਦੀ 19 ਸਾਲਾ ਹੋਣਹਾਰ ਧੀ ਹਸਲੀਨ ਕੌਰ ਦੀ ਲੈਸਟਰ ਬੀ ਪੀਅਰਸਨ ਇੰਟਰਨੈਸ਼ਨਲ ਸਟੂਡੈਂਟ ਐਵਾਰਡ ਲਈ ਚੋਣ ਹੋਈ ਹੈ। ਉਸ ਨੂੰ ਕੈਨੇਡਾ ਦੇ ਟੋਰਾਂਟੋ ਦੇ ਨੰਬਰ ਇੱਕ ਰੈਂਕ ਵਾਲੀ ਯੂਨੀਵਰਸਿਟੀ ਆਫ਼ ਟੋਰਾਟੋਂ ਵਿਖੇ ਚਾਰ ਸਾਲ ਦੇ ਬੈਚੂਲਰ ਕੋਰਸ ਦੀ ਮੁਫ਼ਤ ਪੜ੍ਹਾਈ ਤੋਂ ਇਲਾਵਾ ਕੈਂਪਸ ’ਚ ਰਿਹਾਇਸ਼, ਖਾਣਾ ਅਤੇ 2000 ਡਾਲਰ ਸਲਾਨਾ ਤੇ ਹੋਰ ਖਰਚਿਆਂ ਦੀ ਸੁਵਿਧਾ ਨਾਲ ਸਕਾਲਰਸ਼ਿਪ ਹਾਸਲ ਹੋਈ ਹੈ। ਵਿਸ਼ਵ ਭਰ ਤੋਂ ਇਸ ਐਵਾਰਡ ਲਈ 37 ਵਿਦਿਆਰਥੀਆਂ ਦੀ ਚੋਣ ਹੋਈ ਹੈ, ਜਿਨ੍ਹਾਂ ’ਚੋਂ ਭਾਰਤ ਦੇ ਚਾਰ ਵਿਦਿਆਰਥੀ ਚੁਣੇ ਗਏ ਹਨ।

ਇਨ੍ਹਾਂ ਚਾਰ ਵਿਦਿਆਰਥੀਆਂ ’ਚ ਪੰਜਾਬ ਦੀਆਂ ਦੋ ਲੜਕੀਆਂ ਸ਼ਾਮਲ ਹਨ, ਜਿਨ੍ਹਾਂ ’ਚ ਹਸਲੀਨ ਤੋਂ ਇਲਾਵਾ ਦੂਜੀ ਲੜਕੀ ਰਾਏਕੋਟ ਤੋਂ ਮਹਿਕਪ੍ਰੀਤ ਕੌਰ ਸੱਗੂ ਹੈ। ਕਰਨਾਲ ਦੇ ਇੱਕ ਯੁਵਕ ਪਰਮਵੀਰ ਸਿੰਘ ਨੂੰ ਵੀ ਇਸ ਐਵਾਰਡ ਲਈ ਚੁਣਿਆ ਗਿਆ ਹੈ।

ਹਸਲੀਨ ਕੌਰ ਪਿਛਲੇ ਵਰ੍ਹੇ ਚੰਡੀਗੜ੍ਹ ਦੇ ਸੈਕਟਰ 22-ਡੀ ਦੇ ਸ਼ਿਸ਼ੂ ਨਿਕੇਤਨ ਸਕੂਲ ’ਚੋਂ ਕਾਮਰਸ ਵਿਸ਼ੇ ਅਧੀਨ 12ਵੀਂ ਕਲਾਸ ਵਿਚ 500 ਵਿੱਚ 494 ਅੰਕ ਹਾਸਿਲ ਕਰ ਕੇ ਟਰਾਈਸਿਟੀ ’ਚੋਂ ਦੂਜੇ ਸਥਾਨ ’ਤੇ ਰਹੀ ਸੀ। ਬਹੁਪੱਖੀ ਸਖ਼ਸ਼ੀਅਤ ਦੀ ਮਾਲਕ ਹਸਲੀਨ 13 ਸਾਲਾਂ ਦੀ ਉਮਰ ’ਚ ਧਾਰਮਿਕ ਪਾਖੰਡਵਾਦ ਖ਼ਿਲਾਫ਼ ‘‘ਕੋਸ਼ਿਸ਼ ਏਕ ਪਰੀ ਕੀ” ਨਾਮ ਦੀ ਕਿਤਾਬ ਵੀ ਲਿਖ ਚੁੱਕੀ ਹੈ। ਆਪਣੇ ਪਿੰਡ ਦੇ ਬੱਚਿਆਂ ਨੂੰ ਗੁਰਮੁਖੀ ਅਤੇ ਗੁਰਮਿਤ ਨਾਲ ਜੋੜਨ ਲਈ ਉਸ ਨੇ ਗੁਰਮਿਤ ਐਕਾਡਮੀ ਵੀ ਬਣਾਈ ਹੋਈ ਹੈ ਅਤੇ ਉਸ ਅਧੀਨ ਕਈਂ ਪ੍ਰੋਗਰਾਮ ਕਰ ਚੁੱਕੀ ਹੈ।

ਹਸਲੀਨ ਕੌਰ ਆਪਣੀ ਪ੍ਰਾਪਤੀ ਤੋਂ ਖੁਸ਼ ਹੈ। ਉਨ੍ਹਾਂ ਕਿਹਾ ਕਿ ਉਸ ਦਾ ਵੱਡਾ ਭਰਾ ਪਹਿਲਾਂ ਹੀ ਕੈਨੇਡਾ ਪੜਾਈ ਕਰ ਰਿਹਾ ਹੈ ਅਤੇ ਪਰਿਵਾਰ ਦੇ ਸੀਮਤ ਵਸੀਲਿਆਂ ਕਾਰਨ ਉਸ ਦਾ ਪੱਲਿਉਂ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਜਾਣਾ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸੇ ਤਹਿਤ ਉਸ ਨੇ ਦਿਨ-ਰਾਤ ਮਿਹਨਤ ਕਰਨ ਦਾ ਰਾਹ ਚੁਣਿਆ ਅਤੇ ਸਫ਼ਲਤਾ ਹਾਸਿਲ ਕੀਤੀ। ਹਸਲੀਨ ਨੇ ਦੱਸਿਆ ਕਿ ਉਸ ਦੀ ਅੰਟਾਰੀਓ ਟੈੱਕ ਯੂਨੀਵਰਸਿਟੀ ਵੱਲੋਂ ਵੀ ਗਲੋਬਲ ਲੀਡਰਜ਼ ਐਵਾਰਡ ਲਈ ਚੋਣ ਹੋਈ ਸੀ ਪਰ ਲੈਸਟਰ ਬੀ ਪੀਅਰਸਨ ਫੈਲੋਸ਼ਿਪ ਕਾਰਨ ਉਸ ਨੇ ਉਕਤ ਐਵਾਰਡ ਅਧੀਨ ਜਾਣ ਤੋਂ ਨਾਂਹ ਕਰ ਦਿੱਤੀ। ਉਸ ਦੇ ਮਾਪੇ ਆਪਣੀ ਧੀ ਦੀ ਪ੍ਰਾਪਤੀ ਤੋਂ ਬੇਹੱਦ ਖੁਸ਼ ਹਨ। ਵੱਡੀ ਗਿਣਤੀ ’ਚ ਪਿੰਡ ਤੇ ਇਲਾਕਾ ਵਾਸੀ ਵੀ ਵਧਾਈਆਂ ਦੇ ਰਹੇ ਹਨ।