ਜੱਗੀ ਜੌਹਲ ਦੀ ਗਿ੍ਫ਼ਤਾਰੀ ਪਿੱਛੇ ਯੂ. ਕੇ. ਦੀਆਂ ਖੁਫ਼ੀਆਂ ਏਜੰਸੀਆਂ ਦਾ ਵੀ ਹੱਥ

507

ਲੰਡਨ, 23 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀਆਂ ਖੁਫ਼ੀਆਂ ਏਜੰਸੀਆਂ ‘ਤੇ ਦੋਸ਼ ਲੱਗ ਰਹੇ ਹਨ ਕਿ ਭਾਰਤ ‘ਚ ਗਿ੍ਫ਼ਤਾਰ ਕੀਤੇ ਗਏ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਸੰਬੰਧੀ ਜਾਣਕਾਰੀ ਭਾਰਤ ਨਾਲ ਸਾਂਝੀ ਕੀਤੀ ਗਈ ਸੀ | ਇਸ ਰਿਪੋਰਟ ਤੋਂ ਬਾਅਦ ਬਰਤਾਨੀਆ ‘ਚ ਬਵਾਲ ਮੱਚ ਗਿਆ ਹੈ | ਸਕਾਟਲੈਂਡ ਦੇ ਡੰਬਰਟਨ ਤੋਂ 35 ਸਾਲਾ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ 2017 ‘ਚ ਪੰਜਾਬ ਦੇ ਜਲੰਧਰ ਤੋਂ ਆਪਣੇ ਵਿਆਹ ਦੌਰਾਨ ਗਿ੍ਫ਼ਤਾਰ ਕੀਤਾ ਗਿਆ ਸੀ | ਯੂ.ਕੇ. ‘ਚ ਉਸ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਤਸ਼ੱਦਦ ਅਤੇ ਦੁਰਵਿਵਹਾਰ ਕੀਤਾ ਗਿਆ ਸੀ | ਯੂ.ਕੇ. ਦੀ ਮਨੁੱਖੀ ਅਧਿਕਾਰ ਸੰਸਥਾ ‘ਰੀਪ੍ਰੀਵ’ ਨੇ ਕੁਝ ਦਸਤਾਵੇਜ਼ ਨਸ਼ਰ ਕੀਤੇ ਹਨ, ਜਿਸ ਅਨੁਸਾਰ ਜੱਗੀ ਜੌਹਲ ਦੀ ਗਿ੍ਫ਼ਤਾਰੀ ਬਰਤਾਨੀਆ ਦੀਆਂ ਖੁਫੀਆ ਏਜੰਸੀਆਂ ਵਲੋਂ ਭਾਰਤ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਕੀਤੀ ਗਈ ਹੈ |

ਯੂ.ਕੇ. ਦੀ ਖੁਫੀਆ ਏਜੰਸੀ ਐਮ.ਆਈ.5 ਅਤੇ ਐਮ.ਆਈ.6 ‘ਤੇ ਦੋਸ਼ ਲਗਾਏ ਗਏ ਹਨ ਕਿ ਉਨ੍ਹਾਂ ਵਲੋਂ ਜਾਣਕਾਰੀ ਦੇਣ ਤੋਂ ਬਾਅਦ ਜੱਗੀ ਨੂੰ ਪੰਜਾਬ ਪੁਲਿਸ ਨੇ ਬਿਨਾ ਨੰਬਰਾਂ ਵਾਲੀ ਕਾਰ ‘ਚ ਅਗਵਾ ਕੀਤਾ ਸੀ ਅਤੇ ਫਿਰ ਹਿਰਾਸਤ ‘ਚ ਅਣਮਨੁੱਖੀ ਤਸੀਹੇ ਦਿੱਤੇ ਸਨ | ‘ਰੀਪ੍ਰੀਵ’ ਦਾ ਕਹਿਣਾ ਹੈ ਕਿ ਜੌਹਲ ਦੇ ਕੇਸ ਨਾਲ ਸੰਬੰਧਿਤ ਕਈ ਜਾਣਕਾਰੀ ਖੁਫ਼ੀਆ ਏਜੰਸੀਆਂ ਦੀ ਨਿਗਰਾਨੀ ਕਰਨ ਵਾਲੇ ਸਮੂਹ ਵਲੋਂ ਤਿਆਰ ਰਿਪੋਰਟ ਨਾਲ ਮਿਲਾਇਆ ਗਿਆ ਹੈ ਅਤੇ ਉਹ ਜਾਣਕਾਰੀਆਂ ਰਿਪੋਰਟ ‘ਚ ਦਰਜ ਦੁਰਵਿਵਹਾਰ ਦੇ ਇਕ ਖਾਸ ਦਾਅਵੇ ਨਾਲ ਮੇਲ ਖਾਂਦੀਆਂ ਹਨ | ਇਨਵੈਸਟੀਗੇਟਰੀ ਪਾਵਰਜ਼ ਕਮਿਸ਼ਨਰ ਆਫਿਸ (ਆਈ.ਪੀ.ਸੀ.ਓ.) ਦੀ ਰਿਪੋਰਟ ਮੁਤਾਬਿਕ ਜਾਂਚ ਦੌਰਾਨ ਐਮ.ਆਈ.5 ਨੇ ਖੁਫੀਆ ਏਜੰਸੀ ਐਮ.ਆਈ. 6 ਰਾਹੀਂ ਇਕ ਸਹਿਯੋਗੀ ਦੇਸ਼ ਨੂੰ ਖੁਫ਼ੀਆ ਜਾਣਕਾਰੀ ਦਿੱਤੀ |

ਖੁਫ਼ੀਆ ਜਾਣਕਾਰੀ ਦਿੱਤੇ ਗਏ ਵਿਅਕਤੀ ਨੂੰ ਸਹਿਯੋਗੀ ਦੇਸ਼ ਨੇ ਗਿ੍ਫ਼ਤਾਰ ਕੀਤਾ ਗਿਆ ਅਤੇ ਉਸ ਵਿਅਕਤੀ ਨੇ ਬਰਤਾਨਵੀ ਕੌਂਸਲਰ ਅਧਿਕਾਰੀ ਨੂੰ ਦੱਸਿਆ ਕਿ ਉਸ ਨੂੰ ਤਸੀਹੇ ਦਿੱਤੇ ਗਏ ਸਨ | ਰਿਪੋਰਟ ‘ਚ ਜਗਤਾਰ ਸਿੰਘ ਜੌਹਲ ਦਾ ਨਾਂਅ ਨਹੀਂ ਹੈ ਪਰ ‘ਰੀਪ੍ਰੀਵ’ ਦੇ ਜਾਂਚਕਰਤਾ ਇਸ ਗੱਲ ‘ਤੇ ਜ਼ੋਰ ਦੇ ਰਹੇ ਹਨ ਕਿ ਸੰਬੰਧਿਤ ਮਿਤੀਆਂ ਬਰਤਾਨਵੀ ਪ੍ਰਧਾਨ ਮੰਤਰੀ ਵਲੋਂ ਕੀਤੀ ‘ਲਾਬਿੰਗ’ ਅਤੇ ਭਾਰਤੀ ਮੀਡੀਆ ‘ਚ ਛਪੇ ਸਹਾਤਿਕ ਸਬੂਤਾਂ ਦੇ ਤੱਥ ਜੱਗੀ ਜੌਹਲ ਦੇ ਕੇਸ ਨਾਲ ਮੇਲ ਖਾਂਦੇ ਹਨ | 12 ਅਗਸਤ ਨੂੰ ਵਿਦੇਸ਼ ਮੰਤਰਾਲੇ, ਗ੍ਰਹਿ ਵਿਭਾਗ ਅਤੇ ਅਟਾਰਨੀ ਜਨਰਲ ਦੇ ਖ਼ਿਲਾਫ਼ ਬਰਤਾਨਵੀ ਹਾਈਕੋਰਟ ‘ਚ ਕੇਸ ਦਾਇਰ ਕਰਦਿਆਂ ਦੋਸ਼ ਲਗਾਇਆ ਹੈ ਕਿ ਯੂ.ਕੇ. ਦੀਆਂ ਖੁਫ਼ੀਆਂ ਏਜੰਸੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਭਾਰਤੀ ਅਧਿਕਾਰੀਆਂ ਨਾਲ ਜਾਣਕਾਰੀ ਸਾਂਝੀ ਕੀਤੀ, ਜਦਕਿ ਇਸ ਗੱਲ ਦਾ ਖ਼ਤਰਾ ਸੀ ਕਿ ਜੌਹਲ ਨੂੰ ਤਸੀਹੇ ਦਿੱਤੇ ਜਾਣਗੇ |