ਸੁਖਬੀਰ ਬਾਦਲ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ, 7 ਸਾਲਾਂ ਬਾਅਦ ਵੀ ਭੇਜੇ ਜਾ ਰਹੇ ਸੰਮਨ : ਕੁੰਵਰ ਵਿਜੈ ਪ੍ਰਤਾਪ

272

ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਨੇ ਬਾਦਲ ਪਰਿਵਾਰ ‘ਤੇ ਸਿੱਧਾ ਹਮਲਾ ਕੀਤਾ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਵਾਰ-ਵਾਰ ਸੰਮਨ ਭੇਜੇ ਜਾਣ ‘ਤੇ ਕਿਹਾ ਕਿ ਸੁਖਬੀਰ ਬਾਦਲ ਨੂੰ ਸਿੱਧਾ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾ ਰਿਹਾ। 7 ਸਾਲਾਂ ਬਾਅਦ ਵੀ ਸੰਮਨ ਭੇਜੇ ਜਾ ਰਹੇ ਹਨ। ਕੁੰਵਰ ਪ੍ਰਤਾਪ ਨੇ ਕਿਹਾ ਕਿ ਜਦੋਂ ਮੇਰੀ ਰਿਪੋਰਟ ਖਾਰਿਜ ਹੋਈ ਸੀ, ਮੈਂ ਉਦੋਂ ਵੀ ਚੈਲੰਜ ਕੀਤਾ ਸੀ। ਸਾਰਿਆਂ ਨੇ ਮੇਰਾ ਇੰਟਰਵਿਊ ਕੀਤਾ ਸੀ ਕਿ ਕੋਈ ਵੀ ਵਿਅਕਤੀ ਆ ਕੇ ਇਕ ਲਾਈਨ ਦੀ ਕੋਈ ਗਲਤੀ ਕੱਢ ਦੇਵੇ। 9 ਅਪ੍ਰੈਲ 2021 ਨੂੰ ਰਿਪੋਰਟ ਖਾਰਿਜ ਹੋਈ ਸੀ ਤੇ ਅੱਜ 25 ਅਗਸਤ ਹੈ। 1 ਸਾਲ 4 ਮਹੀਨੇ ਹੋ ਗਏ ਹਨ, ਕਿਸੇ ਵੀ ਵਿਅਕਤੀ ਨੇ ਆ ਕੇ ਇਹ ਨਹੀਂ ਕਿਹਾ ਕਿ ਇਹ ਲਾਈਨ ਗਲਤ ਹੈ।

ਉਨ੍ਹਾਂ ਕਿਹਾ ਕਿ ਗੱਲ ਇਹ ਹੈ ਕਿ ਬਾਦਲ ਪਰਿਵਾਰ ਦੇ ਖ਼ਿਲਾਫ਼ ਕੋਈ ਵੀ ਬੋਲ ਕੇ ਰਾਜ਼ੀ ਨਹੀਂ ਹੈ, ਕੋਈ ਅਫ਼ਸਰ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਫ਼ਸਰ ਹੁੰਦਾ ਤਾਂ ਨਸ਼ੇ ਦੇ ਥੋਕ ਵਪਾਰੀ ਦਾ ਰਿਮਾਂਡ ਲੈ ਸਕਦਾ ਸੀ। ਮਤਲਬ ਕੋਈ ਤਿਆਰ ਹੀ ਨਹੀਂ ਹੈ। ਨਾ ਹੀ ਚੰਨੀ ਸਰਕਾਰ ਦੇ ਸਮੇਂ ਅਜਿਹਾ ਕੋਈ ਅਫ਼ਸਰ ਸੀ ਤੇ ਨਾ ਹੁਣ। ਉਨ੍ਹਾਂ ਕਿਹਾ ਕਿ ਮੈਂ ਆਪਣੀ ਨੌਕਰੀ ਛੱਡਣ ਤੋਂ ਬਾਅਦ ਫੇਸਬੁੱਕ ‘ਤੇ 13 ਅਪ੍ਰੈਲ 2021 ਨੂੰ ਲਿਖ ਦਿੱਤਾ ਸੀ ਕਿ ਮੈਂ ਆਪਣੀ ਅਪੀਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ‘ਚ ਰੱਖ ਦਿੱਤੀ ਹੈ ਅਤੇ ਇਨਸਾਫ਼ ਉਨ੍ਹਾਂ ਨੇ ਕਰਨਾ ਹੈ। ਇਨਸਾਫ਼ ਦੁਨੀਆ ਦੀ ਅਦਾਲਤ ਨਹੀਂ ਕਰੇਗੀ ਤੇ ਨਾ ਹੀ ਸਰਕਾਰ ਕਰੇਗੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਨੇ ਹੀ ਇਨਸਾਫ਼ ਕਰਨਾ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਕਾਨੂੰਨ ਦਾ ਵੀ ਪਤਾ ਹੈ, ਪੰਜਾਬ ਪੁਲਸ ਦੇ ਨਿਯਮਾਂ ਅਤੇ ਦੇਸ਼ ਦੇ ਸੰਵਿਧਾਨ ਬਾਰੇ ਵੀ ਪੂਰੀ ਜਾਣਕਾਰੀ ਰੱਖਦਾ ਹਾਂ। ਤੁਸੀਂ ਆਪ ਸੋਚੋ ਕਿ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ‘ਚ ਜਾਣ ਦੀ ਕਿਉਂ ਲੋੜ ਪਈ। ਦੱਸ ਦੇਈਏ ਕਿ ਵੀਰਵਾਰ ਕੋਟਕਪੂਰਾ ਗੋਲੀਬਾਰੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਸੁਖਬੀਰ ਬਾਦਲ ਨੂੰ ਫਿਰ ਸੰਮਨ ਜਾਰੀ ਕੀਤਾ ਹੈ।