ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਜਸਪਾਲ ਸਿੰਘ ਸੰਧੂ ਦੇ ਖਿਲਾਫ਼ ਵਿਜੀਲੈਂਸ ਵੱਲੋਂ ਜਾਂਚ ਸ਼ੁਰੂ

273

ਵਿਜੀਲੈਂਸ ਵਿਭਾਗ ਵੱਲੋਂ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਜਸਪਾਲ ਸੰਧੂ, ਰਜਿਸਟਰਾਰ ਤੇ ਡੀਨ ਦੇ ਖਿਲਾਫ਼ ਵਿਜੀਲੈਂਸ ਵਿਭਾਗ ਨੇ ਜਾਂਚ ਦੇ ਹੁਕਮ ਦਿੱਤੇ ਗਏ ਹਨ। ਟੀਚਰ ਐਸੋਸੀਏਸ਼ਨ ਨੇ VC, ਰਜਿਸਟਰਾਰ ਤੇ ਡੀਨ ‘ਤੇ ਕਰੋੜਾਂ ਰੁਪਏ ਦੀ ਹੇਰ ਫੇਰ ਦੇ ਦੋਸ਼ ਲਗਾਏ ਹਨ।

ਦੱਸ ਦੇਈਏ ਕਿ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਕੁਝ ਅਧਿਆਪਕਾਂ ਤੇ ਸਟਾਫ ਵੱਲੋਂ ਮੌਜੂਦਾ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ ਸਰਬਜੋਤ ਸਿੰਘ ਬਹਿਲ ਅਤੇ ਰਜਿਸਟਰਾਰ ਕਰਨਜੀਤ ਸਿੰਘ ਕਾਹਲੋ, ਦੀਆਂ ਨਿਯੁਕਤੀਆਂ ਗੈਰ-ਕਾਨੂੰਨੀ ਹੋਣ ਸਬੰਧੀ 4 ਮਹੀਨੇ ਪਹਿਲਾਂ ਸ਼ਿਕਾਇਤਾਂ ਕੀਤੀਆਂ ਸਨ। ਸ਼ਿਕਾਇਤਾਂ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਜਾਂਚ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਦੇ ਕੁਝ ਵਿੱਦਿਅਕ ਸਰਟੀਫਿਕੇਟ ਵੀ ਅਸਲੀ ਨਹੀਂ ਹੈ।

ਟੀਚਰਜ਼ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਜਦੋਂ ਤਕ ਵਿਜੀਲੈਂਸ ਵਿਭਾਗ ਵੱਲੋਂ ਨਿਰਪੱਖ ਜਾਂਚ ਦੀ ਰਿਪੋਰਟ ਨਹੀਂ ਆ ਜਾਂਦੀ ਉਦੋਂ ਤਕ ਇਨ੍ਹਾਂ ਅਧਿਕਾਰੀਆਂ ਨੂੰ ਅਹੁਦਿਆਂ ਤੋਂ ਹਟਾਉਣ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਜਿਸਟਰਾਰ ਵੱਲੋਂ ਯੂਨੀਵਰਸਿਟੀ ਦੇ ਰਿਕਾਰਡ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸ਼ਿਕਾਇਤ ਵਿਚ ਟੀਚਰ ਐਸੋਸੀਏਸ਼ਨ ਵੱਲੋਂ ਵੀਸੀ ਡੀਨ ਅਤੇ ਰਜਿਸਟਰਾਰ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਸਨ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਅਧਿਕਾਰੀਆਂ ਵੱਲੋਂ ਵੱਡੀ ਪੱਧਰ ਤੇ ਯੂਨੀਵਰਸਿਟੀ ਦੇ ਵਿੱਚ ਘਪਲੇ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਟੀਚਰ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਵੀ ਲਿਖੀ ਗਈ ਸੀ।

ਇਸ ਦੌਰਾਨ ਅੱਜ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਜਸਪਾਲ ਸਿੰਘ ਸੰਧੂ ਦੇ ਯੂਨੀਵਰਸਿਟੀ ਦੇ ਵੀਸੀ ਬਣਨ ਤੋਂ ਬਾਅਦ ਜਿੰਨੀਆਂ ਵੀ ਨਿਯੁਕਤੀਆਂ ਤੇ ਬਦਲੀਆਂ ਹੋਈਆਂ ਸਨ ਉਨ੍ਹਾਂ ਸਬੰਧ ਵਿਚ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ।

ਆਉਣ ਵਾਲੇ ਸਮੇਂ ਵਿਚ ਵੱਡੇ ਖੁਲਾਸੇ ਹੋਣ ਦੀ ਆਸ ਜਤਾਈ ਜਾ ਰਹੀ ਹੈ ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਜਸਪਾਲ ਸਿੰਘ ਸੰਧੂ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਟੀਚਰ ਐਸੋਸੀਏਸ਼ਨ ਵੱਲੋਂ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ ਕਿਉਂਕਿ ਉਹ ਇਸ ਟੀਚਰ ਐਸੋਸੀਏਸ਼ਨ ਨੂੰ ਨਹੀਂ ਮੰਨਦੇ । ਉਨ੍ਹਾਂ ਕਿਹਾ ਕਿ ਪਿਛਲੇ ਚਾਰ ਪੰਜ ਸਾਲ ਤੋਂ ਟੀਚਰ ਐਸੋਸੀਏਸ਼ਨ ਦੇ ਇਲੈਕਸ਼ਨ ਹੀ ਨਹੀਂ ਹੋਏ ਕੁਝ ਹੀ ਬੰਦੇ ਜਿਹੜੇ ਹਰ ਵਾਰ ਆਪਣੇ ਆਪ ਹੀ ਅਹੁਦਿਆਂ ਤੇ ਤਾਇਨਾਤ ਹੋ ਜਾਂਦੇ ਹਨ।