ਗੁਰਦੁਆਰਾ ਬੰਗਲਾ ਸਾਹਿਬ ‘ਚ ਹੁਣ ਇਕ ਘੰਟੇ ‘ਚ ਤਿਆਰ ਹੁੰਦਾ ਹੈ 3 ਲੱਖ ਲੋਕਾਂ ਲਈ ਲੰਗਰ

174

ਨਿਸ਼ਕਾਮ ਸੇਵਾ ਲਈ ਦੁਨੀਆ ਭਰ ‘ਚ ਪ੍ਰਸਿੱਧ ਦਿੱਲੀ ਦਾ ਗੁਰਦੁਆਰਾ ਬੰਗਲਾ ਸਾਹਿਬ ਇਨ੍ਹੀਂ ਦਿਨੀਂ ਲੰਗਰ ਤਿਆਰ ਕਰਨ ਦੇ ਤਰੀਕੇ ਨਾਲ ਸੁਰਖ਼ੀਆਂ ‘ਚ ਹੈ | ਗੁਰਦੁਆਰਾ ਸਾਹਿਬ ਨੂੰ ਮਿਲ ਰਹੀ ਪ੍ਰਸੰਸਾ ਦੀ ਵਜ੍ਹਾ ਗੁਰਦੁਆਰਾ ਸਾਹਿਬ ਦੀ ਆਧੁਨਿਕ ਰਸੋਈ ਹੈ, ਜਿੱਥੇ 2 ਤੋਂ 3 ਲੱਖ ਲੋਕਾਂ ਲਈ ਲੰਗਰ ਇਕ ਘੰਟੇ ‘ਚ ਤਿਆਰ ਹੁੰਦਾ ਹੈ, ਜਦਕਿ ਪਹਿਲਾਂ ਇਸ ਲਈ ਤਿੰਨ ਤੋਂ ਚਾਰ ਘੰਟਿਆਂ ਦਾ ਸਮਾਂ ਲੱਗਦਾ ਸੀ |

ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਪ੍ਰਬੰਧਕ ਹਰਭੇਜ ਸਿੰਘ ਗਿੱਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਰਸੋਈ ‘ਚ ਲੰਗਰ ਬਣਾਉਣ ਲਈ ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ, ਜੋ ਵਿਦੇਸ਼ਾਂ ਤੋਂ ਲਿਆਂਦੀਆਂ ਗਈਆਂ ਹਨ | ਦਾਲ ਅਤੇ ਸਬਜ਼ੀਆਂ ਬਣਾਉਣ ਲਈ ਤਿੰਨ ਆਧੁਨਿਕ ਕੁੱਕਰ ਇੱਥੇ ਲਿਆਂਦੇ ਗਏ ਹਨ | ਇਕ ਕੁੱਕਰ ‘ਚ 60 ਕਿਲੋਗ੍ਰਾਮ ਕੱਚੀ ਦਾਲ ਪਾਈ ਜਾਂਦੀ ਹੈ ਅਤੇ 45 ਮਿੰਟ ‘ਚ 400 ਲੀਟਰ ਦਾਲ ਤਿਆਰ ਹੁੰਦੀ ਹੈ | ਫਰਾਇਰ ‘ਚ ਸੁੱਕੀ ਸਬਜ਼ੀ ਬਣਾਈ ਜਾਂਦੀ ਹੈ ਅਤੇ ਇਸ ‘ਚ 45 ਮਿੰਟ ‘ਚ 300 ਕਿਲੋਗ੍ਰਾਮ ਸਬਜ਼ੀ ਅਤੇ ਖੀਰ ਤਿਆਰ ਹੁੰਦੀ ਹੈ |

ਆਟਾ ਗੁੰਨਣ ਵਾਲੀ ਮਸ਼ੀਨ 50 ਕਿੱਲੋਗ੍ਰਾਮ ਆਟਾ 10 ਮਿੰਟ ‘ਚ ਗੁੰਨਦੀ ਹੈ ਤੇ ਰਸੋਈ ‘ਚ ਲੱਗੀ ਰੋਟੀਆਂ ਬਣਾਉਣ ਵਾਲੀ ਮਸ਼ੀਨ ਇਕ ਘੰਟੇ ‘ਚ 4000 ਪ੍ਰਸ਼ਾਦੇ ਤਿਆਰ ਕਰਦੀ ਹੈ | ਹਰਭੇਜ ਸਿੰਘ ਨੇ ਕਿਹਾ ਕਿ ਕੋਰੋਨਾ ਕਾਲ ‘ਚ ਸੇਵਾਦਾਰਾਂ ਦੀ ਕਮੀ ਹੋਣ ਕਾਰਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਧੁਨਿਕ ਰਸੋਈ ਦੀ ਲੋੜ ਮਹਿਸੂਸ ਕੀਤੀ, ਜੋ 31 ਦਸੰਬਰ 2020 ਨੂੰ ਬਣ ਕੇ ਤਿਆਰ ਹੋਈ |