ਵਿਰੋਧੀ ਧਿਰਾਂ ਵੱਲੋਂ ਹੰਗਾਮਾ; ਲੋਕ ਸਭਾ ਭਲਕੇ ਤਕ ਮੁਲਤਵੀ ਕੀਤੀ; ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ ਬਿੱਲ; ਰਾਸ਼ਟਰਪਤੀ ਦੀ ਮਨਜ਼ੂਰੀ ਮਿਲਦੇ ਹੀ ਕਾਨੂੰਨ ਹੋਣਗੇ ਰੱਦ
ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਅੱਜ ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿਚ ਵੀ ਪਾਸ ਹੋ ਗਿਆ। ਹੁਣ ਇਹ ਬਿੱਲ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਦੇ ਹੀ ਖੇਤੀ ਕਾਨੂੰਨ ਰੱਦ ਹੋ ਜਾਣਗੇ। ਦੂਜੇ ਪਾਸੇ ਲੋਕ ਸਭਾ ਵੀ ਭਲਕੇ ਸਵੇਰੇ 11 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ।
ਅੱਜ ਸਵੇਰੇ ਲੋਕ ਸਭਾ ਸੈਸ਼ਨ ਸ਼ੁਰੂ ਹੁੰਦੇ ਹੀ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਪੇਸ਼ ਕੀਤਾ ਤੇ ਉਸ ਨੂੰ ਬਿਨਾਂ ਬਹਿਸ ਦੇ ਪਾਸ ਕਰ ਦਿੱਤਾ ਗਿਆ ਜਿਸ ਕਾਰਨ ਕਾਂਗਰਸ ਸਣੇ ਹੋਰ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਹ ਬਿੱਲ ’ਤੇ ਚਰਚਾ ਕਰਵਾਉਣ ਲਈ ਤਿਆਰ ਹਨ ਪਰ ਵਿਰੋਧੀ ਧਿਰਾਂ ਨੇ ਹੰਗਾਮਾ ਕੀਤਾ। ਇਸ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ ਦੋ ਵਜੇ ਤੱਕ ਮੁਅੱਤਲ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਇਸ ਬਿੱਲ ਦਾ ਖਰੜਾ ਲੋਕ ਸਭਾ ਮੈਂਬਰਾਂ ਨੂੰ ਭੇਜਿਆ ਗਿਆ ਸੀ ਪਰ ਇਸ ਦੀ ਸ਼ਬਦਾਵਲੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਇਤਰਾਜ਼ ਜਤਾਇਆ। ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰਾਂ ਨੇ ਸੰਸਦ ਭਵਨ ਵਿਚ ਧਰਨਾ ਦਿੱਤਾ। ਇਸ ਕਾਰਨ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਵੀ ਮੁਅੱਤਲ ਕੀਤੀ ਗਈ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਬਿੱਲ ਹੁਣ ਰਾਜ ਸਭਾ ਵਿਚ ਪੇਸ਼ ਕੀਤਾ ਗਿਆ।
ਦਿੱਲੀ ‘ਚ ਕਾਂਗਰਸ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਦ ‘ਚ ਕੋਈ ਵੀ ਬਿੱਲ ਰੱਦ ਹੁੰਦਾ ਹੈ ਤਾਂ ਉਸ ‘ਤੇ ਚਰਚਾ ਹੁੰਦੀ ਹੈ ਪਰ ਜਦੋਂ ਚਰਚਾ ਦੀ ਗੱਲ ਆਈ ਤਾਂ ਸਰਕਾਰ ਉਸ ਤੋਂ ਭੱਜ ਰਹੀ ਸੀ। ਸਰਕਾਰ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਮੁੱਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਦੇ ਕੋਲ ਕਿਸਾਨਾਂ ਦੀ ਮੌਤ ਅਤੇ ਐੱਮ.ਐੱਸ.ਪੀ. ‘ਤੇ ਕੋਈ ਜਵਾਬ ਨਹੀਂ ਹੈ।
ਬ੍ਰਿਟੇਨ ‘ਚ ਪਹਿਲੀ ਮਹਿਲਾ ਸਿੱਖ ਸਾਂਸਦ ਪ੍ਰੀਤ ਕੌਰ ਗਿੱਲ ਵਲੋਂ ਖੇਤੀ ਕਾਨੂੰਨ ਰੱਦ ਹੋਣ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਭਾਰਤ ਦਾ ਸਭ ਤੋਂ ਵੱਡਾ ਕਿਸਾਨੀ ਅੰਦੋਲਨ ਦੇਖਿਆ ਹੈ ਅਤੇ ਇਹ ਅੰਦੋਲਨ ਵਿਸ਼ਵ ਮਹਾਂਮਾਰੀ ਦੇ ਵਿਚਕਾਰ ਵੀ ਚੱਲਦਾ ਰਿਹਾ। ਅੱਜ ਜਿਵੇਂ ਹੀ ਭਾਰਤੀ ਸੰਸਦ ਨੇ ਆਪਣਾ ਸਰਦ ਰੁੱਤ ਸੈਸ਼ਨ ਸ਼ੁਰੂ ਕੀਤਾ, 3 ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਦਾ ਕਹਿਣਾ ਸੀ ਕਿ ਸਾਲ 2014 ਦੇ ਮੁਕਾਬਲੇ ਘੱਟੋ-ਘੱਟ ਸਮਰਥਨ ਮੁੱਲ ਦੀ ਖਰੀਦ ਦੁੱਗਣੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿਰਫ ਝੋਨੇ ਅਤੇ ਕਣਕ ਦੀ ਹੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਕੀਤੀ ਜਾਂਦੀ ਸੀ ਪਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦਾਲਾਂ ਅਤੇ ਕਪਾਹ ‘ਤੇ ਵੀ ਐਮ.ਐਸ.ਪੀ. ਦੀ ਖਰੀਦ ਸ਼ੁਰੂ ਕੀਤੀ ਗਈ ਸੀ |
ਦੋਵੇਂ ਸਦਨਾਂ ਤੋਂ ਖੇਤੀ ਕਾਨੂੰਨ ਬਿੱਲ ਪਾਸ ਹੋਣ ਦੇ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਹੋਵੇਗਾ ਅਤੇ ਅੱਜ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਸੰਸਦ ’ਚ ਬਿਨਾਂ ਕਿਸੇ ਚਰਚਾ ਦੇ ਕਾਨੂੰਨ ਰੱਦ ਕੀਤੇ ਗਏ ਹਨ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸਰਕਾਰ ਚਰਚਾ ਤੋਂ ਡਰਦੀ ਹੈ। ਸਰਕਾਰ ਜਾਣਦੀ ਹੈ ਕਿ ਉਨ੍ਹਾਂ ਨੇ ਗਲਤ ਕੰਮ ਕੀਤਾ ਹੈ। 700 ਕਿਸਾਨਾਂ ਦੀ ਮੌਤ ਕਾਨੂੰਨਾਂ ਨੂੰ ਲਾਗੂ ਕਰਨ ਪਿੱਛੇ ਕਿਸ ਦੀ ਸ਼ਕਤੀ ਸੀ। ਇਸ ’ਤੇ ਵੀ ਚਰਚਾ ਹੋਣੀ ਸੀ ਪਰ ਸਰਕਾਰ ਨੇ ਨਹੀਂ ਹੋਣ ਦਿੱਤੀ।